ਫਿਰੋਜ਼ਪੁਰ ਜਿਲ੍ਹੇ ਦੇ ਜਲਵਾਯੂ, ਸਮੁੱਚੇ ਤੌਰ ਤੇ ਖੁਸ਼ਕ ਜਲਵਾਯੂ ਹੈ, ਜਿਸ ਵਿਚ ਤੇਜ਼ ਗਰਮੀ ਦੀ ਰੁੱਤ, ਇਕ ਸੰਖੇਪ ਵਰਖਾ ਰੁੱਤ ਅਤੇ ਸਰਦੀਆਂ ਨਾਲ ਜਾ ਜੁੜਦੀਆਂ ਵਿਸ਼ੇਸ਼ਤਾਵਾਂ ਹਨ। ਸਾਲ ਨੂੰ ਚਾਰ ਰੁੱਤਾਂ ਵਿਚ ਵੰਡਿਆ ਜਾ ਸਕਦਾ ਹੈ। ਨਵੰਬਰ ਤੋਂ ਮਾਰਚ ਤੱਕ ਮੌਸਮ ਠੰਡਾ ਰਹਿੰਦਾ ਹੈ, ਜਿਸ ਮਗਰੋਂ ਗਰਮ ਰੁੱਤ ਆਉਂਦੀ ਹੈ, ਜੋ ਜੂਨ ਦੇ ਅੰਤ ਤੱਕ ਰਹਿੰਦੀ ਹੈ। ਜੁਲਾਈ ਤੋਂ ਅੱਧ ਸਤੰਬਰ ਤੱਕ ਦਾ ਸਮਾਂ ਦੱਖਣੀ-ਪੱਛਮੀ ਮਾਨਸੂਨ ਦਾ ਕਾਲ ਹੁੰਦਾ ਹੈ। ਸਤੰਬਰ ਦੇ ਦੂਜੇ ਅੱਧ ਤੋਂ ਲੈ ਕੇ ਸਾਰੇ ਅਕਤੂਬਰ ਤੱਕ ਦੇ ਸਮੇਂ ਨੂੰ ਉਤਰ-ਮਾਨਸੂਨੀ ਜਾਂ ਪਰਿਵਰਤਨ ਕਾਲ ਦਾ ਸਮਾਂ ਕਿਹਾ ਜਾ ਸਕਦਾ ਹੈ।
ਲਗਭਗ ਮਾਰਚ ਦੇ ਅੰਤ ਤੋਂ ਹੀ ਤਾਪਮਾਨ ਤੇਜੀ ਨਾਲ ਵਧਣ ਲੱਗਦਾ ਹੈ ਜੋ ਜੂਨ ਤੱਕ ਵੱਧਦਾ ਰਹਿੰਦਾ ਹੈ, ਜੋ ਕਿ ਆਮ ਤੌਰ ਤੇ ਸੱਭ ਤੋਂ ਗਰਮ ਮਹੀਨਾ ਹੁੰਦਾ ਹੈ ਅਤੇ ਕਿਸੇ-ਕਿਸੇ ਦਿਨ ਤਾਪਮਾਨ ਲਗਭਗ 47 ਡਿਗਰੀ ਤੱਕ ਵੀ ਰਿਕਾਰਡ ਕੀਤਾ ਜਾਂਦਾ ਹੈ। ਫਿਰ ਜੂਨ ਦੇ ਅੰਤ ਜਾਂ ਜੁਲਾਈ ਦੇ ਆਰੰਭ ਵਿਚ ਮਾਨਸੂਨ ਪੌਣਾਂ ਦੇ ਆਗਮਨ ਨਾਲ ਤਾਪਮਾਨ ਵਿਚ ਸੁਖਾਵੀਂ ਗਿਰਾਵਟ ਹੋਣ ਲੱਗਦੀ ਹੈ, ਪ੍ਰੰਤੂ ਜੁਲਾਈ ਤੋਂ ਅਗਸਤ ਤੱਕ ਹਵਾ ਵਿਚ ਨਮੀ ਦੇ ਵੱਧ ਜਾਣ ਕਾਰਨ ਮੌਸਮ ਫਿਰ ਵੀ ਅਸਹਿਣਯੋਗ ਹੀ ਰਹਿੰਦਾ ਹੈ। ਸਤੰਬਰ ਦੇ ਦੂਜੇ ਹਫ਼ਤੇ ਤੱਕ ਦਿਨ ਅਤੇ ਰਾਤ ਦੋਵਾਂ ਦੇ ਹੀ ਤਾਪਮਾਨ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਰਾਤ ਦੇ ਤਾਪਮਾਨ ਦੀ ਗਿਰਾਵਟ ਦਿਨ ਦੇ ਮੁਕਾਬਲੇ ਵਧੇਰੇ ਹੁੰਦੀ ਹੈ। ਅਕਤੂਬਰ ਤੋਂ ਮਗਰੋਂ ਦਿਨ ਅਤੇ ਰਾਤ ਦਾ ਤਾਪਮਾਨ ਤੇਜ਼ੀ ਨਾਲ ਹੇਠਾਂ ਜਾਣ ਲੱਗਦਾ ਹੈ, ਜੋ ਜਨਵਰੀ ਤੱਕ ਜ਼ਾਰੀ ਰਹਿੰਦਾ ਹੈ। ਜਨਵਰੀ, ਜੋ ਕਿ ਸਭ ਤੋਂ ਠੰਡਾ ਮਹੀਨਾ ਹੁੰਦਾ ਹੈ, ਜਿਸ ਦੌਰਾਨ ਕਈ ਵਾਰ ਤਾਪਮਾਨ ਪਾਣੀ ਦੇ ਜਮਾਓ ਦਰਜ਼ੇ ਤੋਂ ਇੱਕ ਜਾਂ ਦੋ ਡਿਗਰੀ ਹੇਠਾਂ ਤੱਕ ਵੀ ਚਲਾ ਜਾਂਦਾ ਹੈ।
ਜਿਲ੍ਹੇ ਵਿਚ ਵਰਖਾ ਆਮ ਤੌਰ ਤੇ ਦੱਖਣ-ਪਛਮ ਤੋਂ ਉਤਰ-ਪੂਰਬ ਵੱਲ ਨੂੰ ਵੱਧਦੀ ਹੈ। ਜਿਲ੍ਹੇ ਵਿਚ ਕੁੱਲ ਸਾਲਾਨਾ ਵਰਖਾ ਦੀ 70% ਵਰਖਾ ਸਿਰਫ ਜਲਾਈ ਤੋਂ ਸਤੰਬਰ ਦੇ ਸਮੇਂ ਦੌਰਾਨ ਹੀ ਹੁੰਦੀ ਹੈ, ਜੁਲਾਈ ਅਤੇ ਸਤੰਬਰ ਸੱਭ ਤੋਂ ਭਾਰੀ ਵਰਖਾ ਵਾਲੇ ਮਹੀਨੇ ਹੁੰਦੇ ਹਨ। ਕੁਝ ਵਰਖਾ ਪੂਰਵ-ਮਾਨਸੂਨ ਮਹੀਨਿਆਂ ਵਿਚ ਵੀ ਵਧੇਰੇ ਕਰਕੇ ਗਰਮੀ ਦੀਆਂ ਬਛਾਰਾਂ ਦੀੇ ਰੂਪ ਵਿਚ ਹੁੰਦੀ ਹੈ। ਸਰਦੀਆਂ ਦੀ ਰੁੱਤ ਵਿਚ ਕੁਝ ਬਾਰਸ਼ ਪੱਛਮੀ ਗੜਬੜੀ ਕਾਰਨ ਵੀ ਹੁੰਦੀ ਹੈ। ਫਿਰ ਵੀ ਵਰਖਾ ਦੀ ਮਾਤਰਾ ਵਿਚ ਵਿਿਭੰਨਤਾ ਸਾਲਦਰ ਸਾਲ ਵੱਡੇ ਪੈਮਾਨੇ ਤੇ ਵੇਖਣ ਨੂੰ ਮਿਲਦੀ ਹੈ। ਨਿਮਨ ਅੰਕਿਤ ਸਾਰਨੀ 10 ਸਾਲਾਂ ਦੀ ਔਸਤਨ ਮਹੀਨਾਵਾਰ ਵਰਖਾ ਦਾ ਵੇਰਵਾ ਪੇਸ਼ ਕਰਦੀ ਹੈ।