• ਸਾਈਟਮੈਪ
  • Accessibility Links
  • ਪੰਜਾਬੀ
ਬੰਦ ਕਰੋ

ਜ਼ਿਲ੍ਹੇ ਬਾਬਤ

ਅਜੋਕੀ ਭਾਰਤ-ਪਕਿਸਤਾਨ ਦੀ ਸੀਮਾ ਉਪਰ ਸਥਿਤ ਫਿਰੋਜ਼ਪੁਰ ਇੱਕ ਪ੍ਰਾਚੀਨ ਸ਼ਹਿਰ ਹੈ। ਅਜਿਹਾ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਸ ਦੀ ਨੀਂਹ 14ਵੀਂ ਸਦੀ ਵਿਚ ਫਿਰੋਜ਼ਸ਼ਾਹ ਤੁਗਲਕ ਨੇ ਰੱਖੀ। ਇਤਿਹਾਸ ਦਾ ਇੱਕ ਹੋਰ ਵੇਰਵਾ ਇਹ ਵੀ ਕਹਿੰਦਾ ਹੈ ਕਿ ਇਸ ਸ਼ਹਿਰ ਦੀ ਨੀਂਹ ਇੱਕ ਭੱਟੀ ਰਾਜੇ ਫਿਰੋਜ਼ਪੁਰ ਖਾਨ ਦੁਆਰਾ ਰੱਖੀ ਗਈ। ਪ੍ਰੰਤੂ ਫਿਰ ਵੀ, ਪਹਿਲੇ ਤੱਥ ਨੂੰ ਵਧੇਰੇ ਸਵਿਕਾਰ ਕੀਤਾ ਜਾਂਦਾ ਹੈ, ਕਿਉਂਕਿ ਫਿਰੋਜ਼ਸ਼ਾਹ ਤੁਗਲਕ ਨੂੰ ਨਵੇਂ-ਨਵੇਂ ਸ਼ਹਿਰ ਵਸਾਉਣ ਦਾ ਬੇਹੱਦ ਸ਼ੌਂਕ ਸੀ ਅਤੇ ਪੁਰਾਣੇ ਸ਼ਹਿਰਾਂ ਦਾ ਨਾਮ ਖਾਸ ਤੌਰ ਤੇ ਆਪਣੇ ਨਾਮ ਮਗਰ ਬਦਲਣ ਦਾ ਵੀ ਸੌਂਕ ਸੀ। ਉਸਨੇ ਖੁਦ ਦਾਅਵਾ ਕੀਤਾ ਹੈ, “ਜੋ ਬਹੁਤ ਸਾਰੇ ਤੋਹਫ਼ੇ ਖੁਦਾ ਨੇ ਮੈਨੂੰ ਅਨਾਇਤ ਕੀਤੇ ਹਨ, ਉਸਦੇ ਇਕ ਖਾਕਸਾਰ ਨੋਕਰ ਨੂੰ ਉਹਨਾਂ ਵਿਚੋਂ ਇੱਕ ਜਨਤਕ ਇਮਾਰਤਾਂ ਬਨਾਉਣ ਦੀ ਤੀਬਰ ਇੱਛਾ ਵੀ ਪ੍ਰਾਪਤ ਹੋਈ ਹੈ। ਇਸੇ ਲਈ ਮੈਂ ਅਨੇਕਾਂ ਮਸਜਿਦਾਂ, ਮਦਰੱਸੇ ਅਤੇ ਮਠ ਬਣਵਾਏ ਤਾਂ ਕਿ ਵਿਦਵਾਨ ਅਤੇ ਬਜੁਰਗ, ਲੋਕ ਸ਼ਰਧਾਲੂ ਅਤੇ ਧਰਮੀ ਲੋਕ ਇਹਨਾਂ ਇਮਾਰਤਾਂ ਵਿਚ ਖੁਦਾ(ਰੱਬ ਦੀ ਭਗਤੀ ਕਰ ਸਕਣ ਅਤੇ ਆਪਣੀਆਂ ਪ੍ਰਾਰਥਨਾਵਾਂ ਨਾਲ ਦਿਆਲੂ ਸਿਰਜਣਹਾਰੇ ਦੀ ਸਹਇਤਾ ਕਰ ਸਕਣ।”

ਫਿਰੋਜ਼ਪੁਰ ਦੀ ਦੇਸ਼ ਦੀ ਉਤਰ-ਪੱਛਮੀ ਦਿਸ਼ਾ ਵੱਲ ਦੀ ਰਣਨੀਤਿਕ ਸਥਿਤੀ ਨੇ ਇਸ ਨੂੰ ਇਸ ਖੇਤਰ ਵਿਚ ਹੋਈਆਂ ਅਨੇਕਾਂ ਫੌਜੀ ਕਾਰਵਾਈਆਂ ਦਾ ਹਿੱਸਾ ਬਣਾ ਦਿੱਤਾ ਹੈ। 1845 ਦੇ ਪਹਿਲੇ ਅੰਗਰੇਜ-ਸਿੱਖ ਯੁਧ ਦੌਰਾਨ ਫਿਰੋਜ਼ਪੁਰ ਦੇ ਬ੍ਰਿਟਿਸ਼ ਕਮਾਂਡਰ ਦੀ ਲਾਪਰਵਾਹੀ ਦੇ ਕਾਰਣ ਖਾਲਸਾ ਫੌਜ ਬਿਨ੍ਹਾਂ ਕਿਸੇ ਵਿਰੋਧ ਦੇ ਸਤਲੁਜ ਪਾਰ ਕਰਨ ਵਿਚ ਕਾਮਯੋਗ ਹੋ ਗਈ ਸੀ। ਜਦੋਂ ਲਾਰਡ ਹਾਰਡਿੰਗ ਨੇ ਸਿੱਖਾਂ ਨਾਲ ਯੁਧ ਦਾ ਐਲਾਨ ਕਰ ਦਿੱਤਾ ਤਾਂ ਪਹਿਲੀ ਲੜਾਈ ਮੁੱਦਕੀ ਵਿਖੇ ਲੜੀ ਗਈ, ਜੋ ਕਿ ਫਿਰੋਜ਼ਪੁਰ ਤੋਂ 20 ਮੀਲ ਦੱਖਣ-ਪੂਰਬ ਵੱਲ ਸਥਿਤ ਹੈ। 1838 ਵਿਚ ਫਿਰੋਜ਼ਪੁਰ ਉਹ ਕੇਂਦਰ ਸੀ ਜਿਥੋਂ ਬਰਤਾਨਵੀ ਫੌਜੀ ਟੁਕੜੀਆਂ ਪਹਿਲੇ ਅੰਗਰੇਜ-ਅਫ਼ਗਾਨ ਯੁੱਧ ਲਈ ਕੂਚ ਕਰਦੀਆਂ ਸਨ।

ਭਾਰਤ ਦੀ ਸੁਤੰਤਰਤਾ ਸੰਘਰਸ਼ ਦੇ ਤਿੰਨ ਬੇਮਿਸਾਲ ਸ਼ਹੀਦਾਂ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀ ਸ਼ਹੀਦ ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧੀਆਂ ਫਿਰੋਜ਼ਪੁਰ ਵਿਚ ਸਤਲੁਜ ਦਰਿਆ ਦੇ ਕੰਢੇ ਸਥਿਤ ਹਨ। 23 ਮਾਰਚ 1931 ਨੂੰ, ਵਿਆਪਕ ਜਨਤਕ ਵਿਦਰੋਹ ਪ੍ਰਦਰਸ਼ਨਾਂ ਦੇ ਬਾਵਜੂਦ, ਇਹਨਾਂ ਨਾਇਕਾਂ ਨੂੰ ਲਾਹੌਰ ਵਿਖੇ ਫਾਂਸੀ ਤੇ ਚੜ੍ਹਾ ਦਿੱਤਾ ਗਿਆ ਅਤੇ ਰਾਤ ਦੇ ਹਨੇਰੇ ਵਿਚ ਚੋਰੀ ਛਿਪੇ ਉਨ੍ਹਾਂ ਦਾ ਸਸਕਾਰ ਫਿਰੋ਼ਜਪੁਰ ਦੇ ਨੇੜੇ ਕਰ ਦਿੱਤਾ ਗਿਆ। ਬਰਤਾਨਵੀ ਰਾਜ ਦੇ ਖਿਲਾਫ ਉਗਰਵਾਦੀ ਇਨਕਲਾਬੀ ਝੰਡਾ ਚੁੱਕਣ ਕਾਰਨ ਉਹਨਾਂ ਨੂੰ ਮਾਰ ਦਿੱਤਾ ਗਿਆ, ਉਹ ਆਪਣੇ ਅੰਤ ਤੱਕ ਦੇਸ਼ ਭਗਤੀ ਦੀ ਗਹਿਰੀ ਭਾਵਨਾ ਸਰਬੋਰ, ਦਿਵੇਸ਼ੀ ਹਾਕਮਾਂ ਦੀ ਹੈਂਕੜਬਾਜ਼ੀ ਨੂੰ ਲਲਕਾਰਦੇ ਰਹੇ।

ਅੱਜ ਉਸ ਜਗ੍ਹਾਂ ਉਪਰ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਸੁਸ਼ੋਬਿਤ ਹੈ ਅਤੇ 23 ਮਾਰਚ ਵਾਲੇ ਦਿਨ ਹਰ ਸਾਲ ਹਜਾਰਾਂ ਲੋਕ ਆਪਣੇ ਮਹਾਨ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕੱਠੇ ਹੁੰਦੇ ਹਨ।
ਫਿਰੋਜ਼ਪੁਰ ਵਿਚ ਇੱਕ ਹੋਰ ਇਤਿਹਾਸਕ ਯਾਦਗਾਰ ਮੌਜੂਦ ਹੈ ਸਾਰਾਗੜ੍ਹੀ ਗੁਰਦੁਆਰਾ, ਜੋ ਕਿ ਉਨ੍ਹਾਂ 21 ਸਿੱਖ ਸੈਨਿਕਾਂ ਦੀ ਯਾਦ ਵਿਚ ਹੈ ਜਿਨ੍ਹਾ ਆਪਣੀ ਜਾਨ ਬਲੋਚਿਸਤਾਨ ਵਿਚ ਸਥਿਤ ਸਾਰਾਗੜੀ ਵਿਖੇ ਕੁਰਬਾਨ ਕੀਤੀ ਸੀ। 12 ਸਤੰਬਰ ਨੂੰ ਹਰ ਸਾਲ ਲੋਕ ਇਥੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕੱਠੇ ਹੁੰਦੇ ਹਨ ਅਤੇ ਸਾਰਾਗੜ੍ਹੀ ਦਿਵਸ ਮਨਾਉਂਦੇ ਹਨ। ਇਸ ਯਾਦਗਾਰ ਦੀ ਸੇਵਾ ਸਾਬਕਾ ਸੈਨਿਕਾਂ ਨੂੰ ਮੁੜ-ਇਕਠੇ ਹੋਣ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ।